Research Papers

ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁੂਰਬ ਸਮੂਹ ਸਿੱਖ-ਪੰਥ 2021 ਵਿੱਚ ਸੰਸਾਰ ਪੱਧਰ ਤੇ ਮਨਾਉਣ ਜਾ ਰਿਹਾ ਹੈ। ਹੁਣ ਤਕ ਹੋਏ ਸਿਖ-ਅਧਿਐਨ ਵਿਚ ਗੁਰੂ ਤੇਗ ਬਹਾਦਰ ਜੀ ਦੇ ਸੰਗੀਤਕ ਯੋਗਦਾਨ ਦੇ ਸੰਬੰਧੀ ਘੱਟ ਜਾਣਕਾਰੀ ਮਿਲਦੀ ਹੈ। ਗੁਰੂ ਸਾਹਿਬ ਨੇ ਕੁਲ 17 ਰਾਗਾਂ ਵਿਚ ਧੁਰ ਕੀ ਬਾਣੀ ਦਾ ਗਾਇਨ ਕਰਦਿਆਂ ਲੋਕਾਈ ਨੂੰ ਉਪਦੇਸ਼ ਦਿੱਤਾ। ਪੂਰਬ ਦੇਸ ਦੇ ਪ੍ਰਚਲਤ ਰਾਗ ਜੈਜਾਵੰਤੀ ਵਿਚ ਵੀ ਗੁਰੂ ਸਾਹਿਬ ਨੇ ਬਾਣੀ ਦਾ ਗਾਇਨ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਸੰਗੀਤਕ ਸਿਖਲਾਈ ਗੁਰੂ ਹਰਗੋਬਿੰਦ ਸਾਹਿਬ ਦੇ ਹਜ਼ੂਰੀ ਕੀਰਤਨੀਏ ਰਬਾਬੀ ਭਾਈ ਬਾਬਕ ਦੁਆਰਾ ਹੋਈ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਥੀ ਤੇ ਹਜ਼ੂਰੀ ਕੀਰਤਨੀਏ ਭਾਈ ਸਦਾਨੰਦ ਗੁਰੂ ਜੀ ਨਾਲ ਰਬਾਬ ਵਜਾਉਂਦੇ ਸਨ। ਮ੍ਰਿਦੰਗ/ਪਖਾਵਜ ਉਹਨਾਂ ਦਾ ਪਿਆਰਾ ਸਾਜ਼ ਸੀ। ਹਥਲੇ ਖੋਜ ਪੱਤਰ “ਗੁਰੂ ਤੇਗ ਬਹਾਦਰ ਸਾਹਿਬ ਦੀ ਕੀਰਤਨ ਸ਼ੈਲੀ” ਵਿਚ ਗੁਰੂ ਸਾਹਿਬ ਦੇ ਸੰਗੀਤਕ ਪੱਖ ਨੂੰ ਘੋਖਦਿਆਂ ਹੋਇਆਂ ਉਹਨਾਂ ਦੀ ਸੰਗੀਤਕ ਸਿੱਖਿਆ, ਗਾਇਨ ਸ਼ੈਲੀ ਅਤੇ ਮ੍ਰਿਦੰਗ/ਪਖਾਵਜ ਅਚਾਰੀਆ ਹੋਣ ਬਾਰੇ ਅਧਿਐਨ ਕਰਨ ਦੀ ਕੋਸ਼ਿਸ ਕੀਤੀ ਗਈ ਹੈ।